ਅਸਥਾਈ ਵਿਦੇਸ਼ੀ ਕਾਮਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਔਨਲਾਈਨ ਵਿਗਿਆਪਨਾਂ ਚ ਵੇਚੀਆਂ ਜਾ ਰਹੀਆਂ ਨੇ ਨੌਕਰੀਆਂ
Valerie Ouellet, Aloysius Wong, Carly Penrose, Apurva Bhat | CBC News & IJF | Posted: October 30, 2024 5:05 PM | Last Updated: October 30
ਟੋਰੌਂਟੋ ਦੇ ਇੱਕ ਵਕੀਲ ਨੇ ਵਿਦੇਸ਼ੀ ਕਾਮਿਆਂ ਨੂੰ $45K ਤੱਕ ਨੌਕਰੀ ਦੀਆਂ ਪੇਸ਼ਕਸ਼ਾਂ ਵੇਚਣ ਵਾਲੇ ਸੌਦਿਆਂ ਨੂੰ 'ਨਿਰਾ ਫਰਾਡ' ਆਖਿਆ
ਇਹ ਰਿਪੋਰਟ ਸੀਬੀਸੀ ਨਿਊਜ਼ ਅਤੇ ਇਵੈਸਟੀਗੇਟਿਵ ਜਰਨਲਿਜ਼ਮ ਫ਼ਾਊਨਡੇਸ਼ਨ (IJF) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।
ਕਿਜੀਜੀ 'ਤੇ ਨੌਕਰੀ ਵੇਚਣ ਵਾਲੇ ਇੱਕ ਵਿਅਕਤੀ ਨੇ ਪੰਜ ਮਿੰਟ ਦੇ ਅੰਦਰ ਹੀ ਨੌਕਰੀ ਦੀ ਕੀਮਤ ਦੱਸ ਦਿੱਤੀ: 25,000 ਡਾਲਰ।
ਸਾਡੀ ਅੰਡਰਕਵਰ ਰਿਪੋਰਟਰ ਨੇ ਖ਼ੁਦ ਨੂੰ ਇੱਕ ਹਾਲ ਹੀ ਵਿਚ ਗ੍ਰੈਜੁਏਟ ਹੋਈ ਅੰਤਰਰਾਸ਼ਟਰੀ ਵਿਦਿਆਰਥਣ, ਜੋ ਕੰਮ ਕਰਨ ਅਤੇ ਕੈਨੇਡਾ ਵਿਚ ਪਰਮਾਨੈਂਟ ਰੈਜ਼ੀਡੈਂਸੀ (PR) ਲੈਣ ਲਈ ਬੇਤਾਬ ਹੈ, ਵੱਜੋਂ ਪੇਸ਼ ਕੀਤਾ। ਰਿਪੋਰਟਰ ਨੇ ਨੌਕਰੀ ਵੇਚਣ ਵਾਲੇ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੇ ਫ਼ੂਡ ਸਰਵਿਸ ਵਿਚ ਸਰਕਾਰ ਵੱਲੋਂ ਪ੍ਰਵਾਨਿਤ ਨੌਕਰੀ ਦਾ ਵਿਗਿਆਪਨ ਪਾਇਆ ਸੀ।
ਜੁਲਾਈ ਵਿਚ ਕੀਤੀ ਫ਼ੋਨ ਕਾਲ ਵਿਚ ਉਸ ਵਿਅਕਤੀ ਨੇ ਪੁੱਛਿਆ ਕਿ ਉਸਨੂੰ, "LMIA ਵਾਲੀ ਨੌਕਰੀ ਚਾਹੀਦੀ ਹੈ ਜਾਂ ਬਗ਼ੈਰ ਨੌਕਰੀ ਦੇ ਸਿਰਫ਼ LMIA ਚਾਹੀਦੀ ਹੈ"।
LMIA ਇੱਕ ਦਸਤਾਵੇਜ਼ ਹੈ ਜੋ ਫ਼ੈਡਰਲ ਸਰਕਾਰ ਦੁਆਰਾ ਰੁਜ਼ਗਾਰਦਾਤਾਵਾਂ ਨੂੰ ਦਿੱਤਾ ਜਾਂਦਾ ਹੈ। ਇਹ ਉਹਨਾਂ ਨੂੰ ਵਿਦੇਸ਼ੀ ਕਾਮੇ ਭਰਤੀ ਦੀ ਆਗਿਆ ਦਿੰਦਾ ਹੈ ਜਦੋਂ ਰੁਜ਼ਗਾਰਦਾਤਾ ਸਾਬਤ ਕਰਦੇ ਹਨ ਕਿ ਉਹ ਆਪਣੀ ਨੌਕਰੀ ਭਰਨ ਲਈ ਕੈਨੇਡੀਅਨਜ਼ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਨਹੀਂ ਲੱਭ ਸਕੇ।
ਇਹ LMIA-ਸਮਰਥਿਤ ਅਸਾਮੀਆਂ ਨਾ ਸਿਰਫ਼ ਵਿਦੇਸ਼ੀ ਨਾਗਰਿਕਾਂ ਨੂੰ ਕਾਨੂੰਨੀ ਤੌਰ 'ਤੇ ਕੰਮ ਕਰਨ ਦੀ ਇਜਾਜ਼ਤ ਦਿੰਦੀਆਂ ਹਨ ਬਲਕਿ ਉਹਨਾਂ ਦੇ ਪਰਮਾਨੈਂਟ ਰੈਜ਼ੀਡੈਂਟਸ ਬਣਨ ਦੀਆਂ ਸੰਭਾਵਨਾਵਾਂ ਨੂੰ ਵੀ ਵਧਾਉਂਦੀਆਂ ਹਨ।
ਵੀਰਵਾਰ ਨੂੰ ਫੈਡਰਲ ਸਰਕਾਰ ਵੱਲੋਂ ਅਗਲੇ ਸਾਲ ਤੋਂ PR ਸੰਖਿਆ ਨੂੰ ਘਟਾਉਣ ਦੇ ਐਲਾਨ ਤੋਂ ਬਾਅਦ ਇਹ ਪਰਮਿਟ ਹੋਰ ਵੀ ਲੋਭੀ ਹੋ ਸਕਦੇ ਹਨ।
ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ, ਵਿਦੇਸ਼ੀ ਕਾਮਿਆਂ ਤੋਂ LMIAs ਲਈ ਕੋਈ ਵੀ ਪੈਸਾ ਵਸੂਲਣਾ ਗ਼ੈਰ-ਕਾਨੂੰਨੀ ਹੈ।
ਦੇਖੋ। 'ਬਗ਼ੈਰ ਨੌਕਰੀ ਦੇ ਸਿਰਫ਼ LMIA?':
ਟੋਰੌਂਟੋ ਦੀ ਜੈਨ ਇਮੀਗ੍ਰੇਸ਼ਨ ਲੌਅ ਦੇ ਮੁੱਖ ਵਕੀਲ, ਰਵੀ ਜੈਨ ਨੇ ਕਿਹਾ, ਇਹ ਨਿਰਾ ਫ਼ਰਾਡ ਹੈ।
ਜੈਨ ਨੇ ਨੌਕਰੀ ਵੇਚਣ ਵਾਲਿਆਂ ਨਾਲ ਸਾਡੀਆਂ ਰਿਕਾਰਡ ਕੀਤੀਆਂ ਕਾਲਾਂ, ਜਿਸ ਵਿਚ ਕਿਜੀਜੀ ਵਾਲਾ ਵਿਅਕਤੀ ਵੀ ਸ਼ਾਮਲ ਹੈ, ਨੂੰ ਸੁਣਨ ਤੋਂ ਬਾਅਦ ਕਿਹਾ, ਇਹ ਵਿਅਕਤੀ ਕੁਝ ਬਹੁਤ ਗ਼ੈਰ-ਕਾਨੂੰਨੀ ਕਰ ਰਿਹਾ ਹੈ ਅਤੇ ਇਸਨੂੰ ਬਿਲਕੁਲ ਖੁੱਲ੍ਹੇਆਮ ਕਰ ਰਿਹਾ ਹੈ।
"ਇਹ ਦੁੱਖ ਦੀ ਗੱਲ ਹੈ ਕਿ ਅਜਿਹੇ ਲੋਕ ਹਨ ਜੋ ਸਿਸਟਮ ਬਾਰੇ ਕਾਫ਼ੀ ਜਾਣਦੇ ਹਨ ਕਿ ਉਹ ਇਸਦਾ ਸ਼ੋਸ਼ਣ ਕਰਨ ਲਈ ਤਿਆਰ ਹਨ"।
ਨੌਕਰੀ ਵੇਚਣ ਵਾਲਾ ਇਹ ਵਿਅਕਤੀ ਸਾਡੀ ਟੀਮ ਦੁਆਰਾ ਟਰੈਕ ਕੀਤੇ ਗਏ ਦਰਜਨਾਂ ਅਜਿਹੇ ਵਿਅਕਤੀਆਂ ਵਿੱਚੋਂ ਇੱਕ ਹੈ ਜਿਹੜੇ ਫੇਸਬੁੱਕ ਮਾਰਕਿਟਪਲੇਸ ਅਤੇ ਕਿਜੀਜੀ 'ਤੇ ਪਰਵਾਸੀਆਂ ਕੋਲੋਂ ਨਕਦੀ ਦੇ ਬਦਲੇ ਇਹਨਾਂ ਅਸਾਮੀਆਂ ਦਾ ਇਸ਼ਤਿਹਾਰ ਦੇ ਰਹੇ ਹਨ, ਬਾਵਜੂਦ ਇਸ ਦੇ ਕਿ ਇੰਪਲੋਏਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ESDC) ਵੱਲੋਂ ਅਗਸਤ ਵਿੱਚ ਅਸਥਾਈ ਵਿਦੇਸ਼ੀ ਕਾਮਾ ਪ੍ਰੋਗਰਾਮ ਵਿੱਚ "ਦੁਵਰਤੋਂ ਅਤੇ ਧੋਖਾਧੜੀ ਨੂੰ ਖ਼ਤਮ ਕਰਨ" ਲਈ ਨਵੇਂ ਉਪਾਵਾਂ ਦਾ ਐਲਾਨ ਕੀਤਾ ਗਿਆ ਸੀ।
ਮਹੀਨਿਆਂ ਲੰਬੀ ਜਾਂਚ ਵਿੱਚ, ਸੀਬੀਸੀ ਅਤੇ ਇਸਦੇ ਰਿਪੋਰਟਿੰਗ ਪਾਰਟਨਰ ਇਨਵੈਸਟੀਗੇਟਿਵ ਜਰਨਲਿਜ਼ਮ ਫਾਊਂਡੇਸ਼ਨ (IJF) ਨੇ ਇਹਨਾਂ ਵਿੱਚੋਂ ਕਈ ਔਨਲਾਈਨ ਵਿਕਰੇਤਾਵਾਂ ਨਾਲ ਸੰਪਰਕ ਕੀਤਾ।
ਅਸੀਂ ਦੇਖਿਆ ਕਿ ਇਹ ਇਮੀਗ੍ਰੇਸ਼ਨ ਸਕੀਮਾਂ ਅਸਲੀ ਨੌਕਰੀ ਜਾਂ ਜਾਅਲੀ ਦੇ ਵਿਕਲਪ ਨਾਲ ਆਉਂਦੀਆਂ ਹਨ, ਜਿਸ ਵਿਚ ਜਾਅਲੀ ਪੇਅ ਸਟੱਬ ਅਤੇ ਟੈਕਸ ਸਲਿਪਾਂ ਵਰਗੇ ਦਸਤਾਵੇਜ਼ ਵੀ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਕੈਨੇਡਾ ਵਿਚ ਕੰਮ ਦੇ ਤਜਰਬੇ (ਕੈਨੇਡੀਅਨ ਵਰਕ ਐਕਸੀਪੀਐਂਸ) ਦੇ ਸਬੂਤ ਵੱਜੋਂ ਫ਼ੈਡਰਲ ਅਧਿਕਾਰੀਆਂ ਕੋਲ ਜਮਾਂ ਕੀਤਾ ਜਾ ਸਕੇ।
ਸੌਦੇ ਵਿਚ 'ਰੁਜ਼ਗਾਰਦਾਤੇ ਦੀ ਲਾਗਤ' ਸ਼ਾਮਲ
ਨੌਕਰੀ ਵੇਚਣ ਵਾਲੇ ਦੋ ਜਣਿਆਂ ਨਾਲ ਗੱਲਬਾਤ ਵਿਚ, ਸਾਡੀ ਰਿਪੋਰਟਰ ਨੇ ਦੱਸਿਆ ਕਿ ਉਸ ਕੋਲ ਵਿਸ਼ੇਸ਼ ਹੁਨਰਮੰਦ (ਸਕਿੱਲਡ) LMIA ਨਾਲ ਸਬੰਧਤ ਉਚਿਤ ਕੰਮ ਦਾ ਤਜਰਬਾ ਨਹੀਂ ਹੈ। ਇਸਦੇ ਬਾਵਜੂਦ ਉਸਨੂੰ 25,000 ਡਾਲਰ ਤੋਂ 45,000 ਡਾਲਰ ਵਿਚ LMIA ਪ੍ਰਵਾਨਿਤ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ।
ਇੱਕ ਹੋਰ ਗੱਲਬਾਤ ਵਿਚ, ਵਿਕਰੇਤਾ ਨੇ ਦੱਸਿਆ ਕਿ ਸਚਮੁੱਚ ਦਾ ਕੰਮ ਉਪਲਬਧ ਨਾ ਹੋਣ ਦੇ ਬਾਵਜੂਦ ਉਸਨੂੰ ਰੁਜ਼ਗਾਰਦਾਤਾ ਦੇ ਪੇਅ ਰੋਲ 'ਤੇ ਰੱਖਿਆ ਜਾ ਸਕਦਾ ਹੈ, ਯਾਨੀ ਕਾਗਜ਼ਾਂ ਵਿਚ ਦਿਖਾਇਆ ਜਾ ਸਕਦਾ ਹੈ ਕਿ ਉਹ ਉਸ ਰੁਜ਼ਗਾਰਦਾਤੇ ਕੋਲੋਂ ਤਨਖ਼ਾਹ ਪ੍ਰਾਪਤ ਕਰਦੀ ਹੈ।
ਜੈਨ ਨੇ ਕਿਹਾ, "ਉਹ [ਰੁਜ਼ਗਾਰਦਾਤਾ] ਸਪਸ਼ਟ ਤੌਰ 'ਤੇ ਰਲ਼ੇ ਹੋਏ ਹਨ। ਰੁਜ਼ਗਾਰਦਾਤਾ ਨੂੰ ਬਹੁਤ ਵੱਡੀ ਅਦਾਇਗੀ ਹੋਣ ਦੀ ਸੰਭਾਵਨਾ ਹੈ"।
ਸਾਨੂੰ ਪਤਾ ਲੱਗਾ ਹੈ ਕਿ ਇਹਨਾਂ ਵਿੱਚੋਂ ਕੁਝ ਸੌਦਿਆਂ ਵਿੱਚ ਸਪੱਸ਼ਟ ਤੌਰ 'ਤੇ $27,000 ਦੇ ਉੱਪਰ ਇੱਕ "ਰੁਜ਼ਗਾਰਦਾਤਾ ਦੀ ਲਾਗਤ" ਸ਼ਾਮਲ ਹੈ - ਬਾਵਜੂਦ ਇਸਦੇ ਕਿ ਰੁਜ਼ਗਾਰਦਾਤਾਵਾਂ ਨੂੰ ਵਿਦੇਸ਼ੀ ਨਾਗਰਿਕਾਂ ਤੋਂ ਕੋਈ ਵੀ ਭਰਤੀ ਫੀਸ ਵਸੂਲਣ ਦੀ ਮਨਾਹੀ ਹੈ।
ਨੌਕਰੀ ਵੇਚਣ ਵਾਲੇ ਇੱਕ ਹੋਰ ਵਿਅਕਤੀ ਨੇ ਸਾਡੀ ਰਿਪੋਰਟਰ ਨੂੰ ਦੱਸਿਆ ਕਿ ਭਾਵੇਂ ਕੋਈ ਅਸਲ ਨੌਕਰੀ ਨਹੀਂ ਹੈ, ਪਰ ਸ਼ੁਰੂਆਤੀ ਫ਼ੀਸ ਵਿਚ 3,000 ਡਾਲਰ ਸ਼ਾਮਲ ਹੋਣਗੇ, "ਇਹ ਦਰਸਾਉਣ ਲਈ ਕਿ ਅਸੀਂ ਮੌਜੂਦਾ ਪੂਲ ਵਿਚੋਂ ਭਰਤੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਾਨੂੰ ਕੋਈ ਅਜਿਹਾ ਨਹੀਂ ਮਿਲਿਆ ਜੋ ਕੈਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਵੇ" - ਜੋ ਕਿ ਰੁਜ਼ਗਾਰਦਾਵਾਂ ਲਈ LMIA ਪ੍ਰਾਪਤ ਕਰਨ ਲਈ ਜ਼ਰੂਰੀ ਸ਼ਰਤ ਹੈ।
ਇਹ ਸਮਝੌਤੇ LMIA ਦੇ ਬੁਨਿਆਦੀ ਉਦੇਸ਼ ਦੇ ਉਲਟ ਹਨ। ਫ਼ੈਡਰਲ ਸਰਕਾਰ ਨੇ 2014 ਵਿਚ LMIA ਨੂੰ ਇੱਕ ਆਰਜ਼ੀ ਤੌਰ 'ਤੇ ਕੀਤੇ "ਆਖ਼ਰੀ ਅਤੇ ਸੀਮਤ ਉਪਾਅ" ਵੱਜੋਂ ਸ਼ੁਰੂ ਕੀਤਾ ਸੀ ਤਾਂ ਕਿ ਯੋਗ ਕੈਨੇਡੀਅਨਜ਼ ਉਪਲਬਧ ਨਾ ਹੋਣ 'ਤੇ ਕਾਮਿਆਂ ਦੀ ਘਾਟ ਦੀ ਭਰਪਾਈ ਹੋ ਸਕੇ।
ਇਤਿਹਾਸਕ ਤੌਰ 'ਤੇ, ਖੇਤਾਂ, ਗ੍ਰੀਨਹਾਉਸਾਂ ਅਤੇ ਮੱਛੀ ਅਤੇ ਸਮੁੰਦਰੀ ਭੋਜਨ ਪਲਾਂਟਾਂ ਵਿੱਚ ਕਾਮਿਆਂ ਦੇ ਇੱਕ ਵੱਡੇ ਹਿੱਸੇ ਨੂੰ LMIAs ਦੁਆਰਾ ਭਰਤੀ ਕੀਤਾ ਗਿਆ ਹੈ।
ਸੀਬੀਸੀ ਅਤੇ IJF ਵੱਲੋਂ ਕਈ ਇਮਿਗ੍ਰੇਸ਼ਨ ਵਕੀਲਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਇਹਨਾਂ ਸੌਦਿਆਂ ਵਿਚ ਪੈਸੇ ਦੇਣ ਵਾਲੇ ਵਿਦੇਸ਼ੀ ਕਾਮਿਆਂ ਅਤੇ ਇਹਨਾਂ ਨੌਕਰੀਆਂ ਨੂੰ ਵੇਚਣ ਵਾਲੇ ਵਿਅਕਤੀਆਂ, ਦੋਵਾਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਲਈ ਗ਼ਲਤ-ਜਾਣਕਾਰੀ ਜਾਂ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਵਿਚ ਚਾਰਜ ਕੀਤਾ ਜਾ ਸਕਦਾ ਹੈ। ਦੋਸ਼ੀ ਪਾਏ ਜਾਣ 'ਤੇ 100,000 ਡਾਲਰ ਤੱਕ ਦਾ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਕਈ ਵਿਦੇਸ਼ੀ ਕਾਮਿਆਂ ਨੂੰ ਪਤਾ ਨਾ ਹੋਵੇ ਕਿ ਇਹ ਸੌਦੇ ਗ਼ੈਰ-ਕਾਨੂੰਨੀ ਹੁੰਦੇ ਹਨ। ਪਰ ਜਿਵੇਂ ਕਿ ਜੈਨ ਨੇ ਦੱਸਿਆ, ਪਰਵਾਸੀ ਇਸ ਦੀ ਸਭ ਤੋਂ ਵੱਧ ਕੀਮਤ ਚੁਕਾਉਂਦੇ ਹਨ - ਇੱਕ ਤਾਂ ਵਿੱਤੀ ਤੌਰ 'ਤੇ ਅਤੇ ਦੂਸਰਾ ਤਾਂ ਕਰਕੇ ਕਿਉਂਕਿ ਉਹ ਵੀ ਇਸ ਵਿਚ ਸ਼ਾਮਲ ਹੁੰਦੇ ਹਨ। ਜੇ ਉਹ ਇਨ੍ਹਾਂ ਸਕੀਮਾਂ ਖ਼ਿਲਾਫ਼ ਰਿਪੋਰਟ ਕਰਦੇ ਹਨ, ਤਾਂ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਹੋਣ ਜਾਂ ਕੈਨੇਡਾ ਦਾਖ਼ਲ ਹੋਣ 'ਤੇ ਪੰਜ ਸਾਲ ਦੀ ਪਾਬੰਦੀ ਦਾ ਜੋਖਮ ਹੁੰਦਾ ਹੈ।
ਦੋ ਔਨਲਾਈਨ ਵਿਕਰੇਤਾਵਾਂ, ਜਿਨ੍ਹਾਂ ਨੇ ਅੰਡਰਕਵਰ ਰਿਪੋਰਟਰ ਨੂੰ ਤਫ਼ਸੀਲੀ ਪੇਸ਼ਕਸ਼ ਕੀਤੀ ਸੀ, ਨਾਲ CBC/IJF ਨੇ ਬਾਅਦ ਵਿਚ ਟਿੱਪਣੀ ਲਈ ਸੰਪਰਕ ਕੀਤਾ, ਪਰ ਕਈ ਬੇਨਤੀਆਂ ਦੇ ਬਾਵਜੂਦ ਉਨ੍ਹਾਂ ਨੇ ਜਵਾਬ ਨਹੀਂ ਦਿੱਤਾ।
ਕੈਨੇਡਾ ਸਰਕਾਰ ਦੇ ਦਖ਼ਲ ਤੋਂ ਬਾਅਦ ਵਿਗਿਆਪਨ ਤਿੰਨ ਗੁਣਾ ਵਧੇ
ਸਾਡੀ ਜਾਂਚ ਟੀਮ ਨੇ ਜੁਲਾਈ ਅਤੇ ਸਤੰਬਰ ਦੇ ਵਿਚਕਾਰ, ਆਪਣੇ ਆਪ ਨੂੰ ਵਿਕਰੇਤਾ, ਭਰਤੀ ਏਜੰਸੀਆਂ ਜਾਂ ਰੈਗੂਲੇਟੇਡ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਪੇਸ਼ ਕਰਨ ਵਾਲੇ ਵਿਅਕਤੀਆਂ ਦੁਆਰਾ 17 ਕੈਨੇਡੀਅਨ ਸ਼ਹਿਰਾਂ ਵਿੱਚ LMIA ਵਰਕ ਪਰਮਿਟਾਂ ਜਾਂ LMIA-ਪ੍ਰਵਾਨਿਤ ਨੌਕਰੀਆਂ ਦਾ ਵਿਗਿਆਪਨ ਕਰਨ ਵਾਲੇ 125 ਤੋਂ ਵੱਧ ਔਨਲਾਈਨ ਇਸ਼ਤਿਹਾਰਾਂ ਨੂੰ ਦਸਤਾਵੇਜ਼ਬੱਧ ਕੀਤਾ।
ਅਸੀਂ ਪਾਇਆ ਕਿ ਇਹਨਾਂ ਕੀਮਤੀ ਪਰਮਿਟਾਂ ਤੱਕ ਪਹੁੰਚ ਨੂੰ ਸੀਮਤ ਕਰਨ ਲਈ ਕਈ ਸਰਕਾਰੀ ਤਬਦੀਲੀਆਂ ਤੋਂ ਬਾਅਦ ਪਿਛਲੇ ਕੁਝ ਹਫ਼ਤਿਆਂ ਵਿੱਚ ਨਕਦੀ ਲੈਕੇ LMIA ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕਰਨ ਵਾਲੇ ਔਨਲਾਈਨ ਇਸ਼ਤਿਹਾਰਾਂ ਦੀ ਮਾਤਰਾ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।
ਇਹਨਾਂ ਇਸ਼ਤਿਹਾਰਾਂ ਵਿਚੋਂ ਤਕਰੀਬਨ ਇੱਕ-ਚੁਥਾਈ ਇਸ਼ਤਿਹਾਰ ਓਨਟੇਰਿਓ ਦੇ ਬ੍ਰੈਂਪਟਨ ਦੇ ਵਿਚ ਸਨ , ਜਿੱਥੇ ਮੁੱਖ ਤੌਰ 'ਤੇ ਪਰਵਾਸੀ ਭਾਈਚਾਰਾ ਰਹਿੰਦਾ ਹੈ।
ਅਗਸਤ ਦੇ ਅਖ਼ੀਰ ਵਿੱਚ, ESDC ਨੇ ਐਲਾਨ ਕੀਤਾ ਸੀ ਕਿ ਕਾਮਿਆਂ ਦੀ ਘਾਟ ਦਾ ਸਹਾਮਣਾ ਕਰਨ ਵਾਲੇ ਉਦਯੋਗਾਂ, ਜਿਵੇ ਹੈਲਥ ਕੇਅਰ ਅਤੇ ਉਸਾਰੀ ਨੂੰ ਛੱਡ ਕੇ, ਉਹ ਉੱਚ ਬੇਰੁਜ਼ਗਾਰੀ ਵਾਲੇ ਵੱਡੇ ਸ਼ਹਿਰਾਂ ਵਿੱਚ LMIAs ਨੂੰ ਪ੍ਰੋਸੈਸ ਕਰਨ ਤੋਂ ਇਨਕਾਰ ਕਰਕੇ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ।
ਪਰ CBC/IJF ਵੱਲੋਂ ਦਸਤਾਵੇਜ਼ਬੱਧ ਕੀਤੇ ਵਿਗਿਆਪਨਾਂ ਵਿਚ ਇਹਨਾਂ ਉਦਯੋਗਾਂ ਦਾ ਹੀ ਪ੍ਰਚਾਰ ਕੀਤਾ ਗਿਆ ਹੈ। ਉਦਾਹਰਨ ਵੱਜੋਂ, 4 ਸਤੰਬਰ ਨੂੰ ਪੋਸਟ ਕੀਤੇ ਇੱਕ ਵਿਗਿਆਪਨ ਵਿਚ "ਕੰਸਟਰਕਸ਼ਨ ਅਤੇ ਹੌਸਪੀਟੈਲਿਟੀ" (ਉਸਾਰੀ ਅਤੇ ਹੋਟਲ/ਰੈਸਟੋਰੈਂਟ) ਵਿਚ ਨੌਕਰੀਆਂ ਬਾਰੇ ਦੱਸਿਆ ਗਿਆ, ਜਿਸ ਵਿਚ ਹਿੰਦੀ ਵਿਚ ਇੱਕ ਵਾਕ ਲਿਖਿਆ ਹੈ ਕਿ LMIA ਨੌਕਰੀ ਜਾਂ ਬਗ਼ੈਰ ਨੌਕਰੀ ਦੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਦੋਂ ਸਾਡੀ ਗੁਪਤ ਰਿਪੋਰਟਰ ਨੇ ਸਤੰਬਰ ਵਿੱਚ ਔਨਲਾਈਨ ਵਿਕਰੇਤਾਵਾਂ ਨਾਲ ਸੰਪਰਕ ਕੀਤਾ, ਤਾਂ ਉਸਨੂੰ ਮਿੰਟਾਂ ਵਿੱਚ ਹੀ $40,000 ਤੱਕ ਦੀ ਕੀਮਤ ਵਾਲੇ LMIA-ਪ੍ਰਵਾਨਿਤ ਨੌਕਰੀ ਖਰੀਦਣ ਦੀ ਪੇਸ਼ਕਸ਼ ਕੀਤੀ ਗਈ।
ਹਾਲਾਂਕਿ, ਸੰਭਾਵੀ ਵਿਕਰੇਤਾ ਬਹੁਤੇ ਸੰਕੋਚੀ ਸਨ ਅਤੇ ਫ਼ੋਨ 'ਤੇ ਇਸ ਸੌਦੇ ਦੇ ਵੇਰਵਿਆਂ 'ਤੇ ਚਰਚਾ ਕਰਨ ਜਾਂ ਲਿਖਤੀ ਰੂਪ ਵਿੱਚ ਕੁਝ ਵੀ ਭੇਜਣ ਤੋਂ ਇਨਕਾਰ ਕਰ ਰਹੇ ਸਨ। ਇਸ ਦੀ ਬਜਾਏ, ਸਾਡੀ ਰਿਪੋਰਟਰ ਨੂੰ ਗ੍ਰੇਟਰ ਟੋਰੌਂਟੋ ਏਰੀਆ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਨਕਦੀ ਦੇ ਕੇ ਆਉਣ ਲਈ ਉਤਸ਼ਾਹਿਤ ਕੀਤਾ ਗਿਆ।
ਇੱਕ ਵਿਕਰੇਤਾ ਨੇ ਲਿਖਤੀ ਰੂਪ ਵਿੱਚ ਪ੍ਰਸਤਾਵਿਤ ਸਕੀਮ ਦੇ ਖਾਸ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ।
ਉਸਨੇ ਸਾਡੀ ਅੰਡਰਕਵਰ ਰਿਪੋਰਟਰ ਨੂੰ ਦੱਸਿਆ, "ਜੇ ਮੈਨੂੰ ਤੁਹਾਡੇ 'ਤੇ ਭਰੋਸਾ ਨਹੀਂ ਹੈ, ਤਾਂ ਮੈਂ ਤੁਹਾਨੂੰ ਕਿਵੇਂ ਦੱਸ ਸਕਦਾ ਹਾਂ? ਬਜ਼ਾਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹਨ ... ਇਹ ਮੇਰੇ ਵਿਰੁੱਧ ਜਾ ਸਕਦੀਆਂ ਹਨ"।
21 ਅਕਤੂਬਰ ਨੂੰ, ESDC ਨੇ ਐਲਾਨ ਕੀਤਾ ਕਿ "ਇਹ ਯਕੀਨੀ ਬਣਾਉਣ ਲਈ ਕਿ ਸਿਰਫ ਅਸਲੀ ਅਤੇ ਜਾਇਜ਼ ਨੌਕਰੀਆਂ ਦੀਆਂ ਪੇਸ਼ਕਸ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੋਵੇ ਅਤੇ ਪ੍ਰੋਗਰਾਮ ਦੀ ਦੁਰਵਰਤੋਂ ਨੂੰ ਰੋਕਣ ਵਿੱਚ ਮਦਦ ਕਰਨ ਅਤੇ ਮਜ਼ਬੂਤ ਵਰਕਰ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ", ਉਹ ਸੂਬਿਆਂ, ਪ੍ਰਦੇਸ਼ਾਂ ਅਤੇ ਰੁਜ਼ਗਾਰਦਾਤਾ ਰਜਿਸਟਰੀਆਂ ਨਾਲ ਕੰਮ ਕਰਕੇ ਡੇਟਾ ਸ਼ੇਅਰਿੰਗ ਨੂੰ ਵਧਾਏਗਾ।
CBC/IJF ਨੂੰ ਦਿੱਤੇ ਇੱਕ ਬਿਆਨ ਵਿੱਚ, ESDC ਨੇ ਜ਼ੋਰ ਦਿੱਤਾ ਕਿ "ਫ਼ਿਲਹਾਲ ਰੈਗੂਲੇਟਰੀ ਤਬਦੀਲੀਆਂ ਲਾਗੂ ਹੋਣ ਦੀ ਪ੍ਰਕਿਰਿਆ ਵਿੱਚ ਹਨ, ਅਤੇ ਭਵਿੱਖ ਵਿੱਚ, ਵਿਭਾਗ ਨੂੰ ਸਾਰੀਆਂ ਅਰਜ਼ੀਆਂ ਦੀ ਜਾਂਚ ਅਤੇ ਮੁਲਾਂਕਣ" ਕਰਨ ਲਈ ਹੋਰ ਸਮਾਂ ਲੱਗੇਗਾ।
ESDC ਨੇ ਅੱਗੇ ਕਿਹਾ ਕਿ ਜਦੋਂ ਗ਼ੈਰ-ਕਾਨੂੰਨੀ ਘੁਟਾਲਿਆਂ ਦੀ ਰਿਪੋਰਟ ਕੀਤੀ ਜਾਂਦੀ ਹੈ ਤਾਂ ਉਹ "ਦੋਸ਼ੀ ਨੂੰ ਲੱਭਣ ਅਤੇ ਜਵਾਬਦੇਹ ਠਹਿਰਾਉਣ ਲਈ ਸਾਰੇ ਵਿਭਾਗਾਂ ਨਾਲ ਮਿਲ ਕੇ ਕੰਮ ਕਰਦਾ ਹੈ"।
ਵਿਭਾਗ ਨੇ CBC/IJF ਦੇ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਕਿ ਵਿਭਾਗ ਨੇ LMIA ਸਕੀਮਾਂ ਦੀ ਜਾਂਚ ਕਰਨ ਲਈ ਕਿੰਨੇ ਏਜੰਟਾਂ ਨੂੰ ਨਿਯੁਕਤ ਕੀਤਾ ਹੈ, ਅਤੇ ਨਾ ਹੀ ਇਹ ਦੱਸਿਆ ਕਿ ਉਸ ਨੇ ਪਿਛਲੇ ਪੰਜ ਸਾਲਾਂ ਵਿੱਚ ਮਾਲਕਾਂ ਜਾਂ ਕੰਪਨੀਆਂ ਦੇ ਖਿਲਾਫ ਕਿੰਨੀਆਂ ਜਾਂਚਾਂ ਸ਼ੁਰੂ ਕੀਤੀਆਂ ਹਨ।
ਪੀਆਰ ਦਾ ਦਬਾਅ
LMIA ਅਹੁਦਿਆਂ 'ਤੇ ਕੰਮ ਕਰਨ ਲਈ ਰੱਖੇ ਗਏ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਸੀਆਰਐਸ (Comprehensive Ranking System) 'ਤੇ ਵਾਧੂ 50 ਅੰਕ ਪ੍ਰਾਪਤ ਹੁੰਦੇ ਹਨ। ਸੀਆਰਐਸ ਇੱਕ ਅੰਕ-ਆਧਾਰਿਤ ਪ੍ਰਣਾਲੀ ਹੈ ਜੋ ਕਿ ਪਰਮਾਨੈਂਟ ਰੈਜ਼ੀਡੈਂਸੀ ਲਈ ਉਮੀਦਵਾਰਾਂ ਦਾ ਮੁਲਾਂਕਣ ਕਰਨ ਲਈ ਵਰਤੀ ਜਾਂਦੀ ਹੈ।
ਕੈਲਗਰੀ ਅਧਾਰਤ ਰੈਗੂਲੇਟੇਡ ਇਮੀਗ੍ਰੇਸ਼ਨ ਸਲਾਹਕਾਰ, ਸਟੀਵਨ ਪਾਓਲੈਸਿਨੀ ਨੇ ਦੱਸਿਆ ਕਿ ਪੀਆਰ ਦੀ ਦੌੜ ਵਿਚ ਸੀਮਤ ਸੀਟਾਂ ਅਤੇ ਲੱਖਾਂ ਵਿਦੇਸ਼ੀ ਨਾਰਗਿਕਾਂ ਦੇ ਮੈਦਾਨ ਵਿਚ ਹੋਣ ਅਤੇ LMIA ਦੇ ਨਾਲ ਵਾਧੂ ਅੰਕ ਜੁੜੇ ਹੋਣ ਕਰਕੇ, ਇਹ LMIA ਵਾਲੀਆਂ ਨੌਕਰੀਆਂ ਬਹੁਤ ਲੋਭੀ ਚੀਜ਼ ਬਣ ਗਈਆਂ ਹਨ।
ਵੀਰਵਾਰ ਨੂੰ ਫ਼ੈਡਰਲ ਸਰਕਾਰ ਨੇ ਭਵਿੱਖ ਵਿਚ ਸਵੀਕਾਰ ਕੀਤੇ ਜਾਣ ਵਾਲੀ ਕੁਲ ਪੀਆਰ ਗਿਣਤੀ ਵਿਚ ਕਟੌਤੀ ਦਾ ਐਲਾਨ ਕਰਦਿਆਂ ਕਿਹਾ ਕਿ 2025 ਵਿਚ 500,000 ਦੀ ਬਜਾਏ 395,000 ਪੀਆਰ ਸਵੀਕਾਰੇ ਜਾਣਗੇ, ਜਿਸ ਨਾਲ ਇਸ ਗਿਣਤੀ ਵਿਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਕਾਮਿਆਂ 'ਤੇ ਦਬਾਅ ਹੋਰ ਵਧ ਗਿਆ ਹੈ।
ਪਾਓਲੈਸਿਨੀ ਨੇ ਦੱਸਿਆ ਕਿ ਲੋਕਾਂ ਦਾ ਭਾਸ਼ਾ, ਸਿੱਖਿਆ ਅਤੇ ਕੈਨੇਡੀਅਨ ਤਜਰਬੇ ਦਾ ਬਰਾਬਰ ਸਕੋਰ ਹੋ ਸਕਦਾ ਹੈ, ਪਰ ਉਨ੍ਹਾਂ ਨੂੰ LMIA ਨਾਲ ਮਿਲਣ ਵਾਲੇ 50 ਅੰਕ ਰੇਸ ਵਿਚ ਅੱਗੇ ਰੱਖਦੇ ਹਨ ਅਤੇ ਸੀਨੀਅਰ ਮੈਨੇਜਰ ਦੀ LMIA ਨਾਲ ਤਾਂ 200 ਅੰਕ ਮਿਲਦੇ ਹਨ।
ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, ਅੰਤਰਰਾਸ਼ਟਰੀ ਵਿਦਿਆਰਥੀਆਂ, ਅਸਥਾਈ ਵਿਦੇਸ਼ੀ ਕਾਮਿਆਂ ਅਤੇ ਪਨਾਹ ਮੰਗਣ ਵਾਲਿਆਂ ਦੀ ਗਿਣਤੀ 2021 ਵਿੱਚ 1.3 ਮਿਲੀਅਨ ਤੋਂ ਵੱਧ ਕੇ ਇਸ ਸਾਲ ਦੀ ਦੂਜੀ ਤਿਮਾਹੀ ਵਿੱਚ ਲਗਭਗ 2.8 ਮਿਲੀਅਨ ਹੋ ਗਈ ਹੈ।
ਰਵੀ ਜੈਨ ਨੇ ਕਿਹਾ, "ਸੋ 2.8 ਮਿਲੀਅਨ ਲੋਕਾਂ ਨਾਲ ਕੀ ਹੋਵੇਗਾ"।
ਜੈਨ ਨੇੇ ਕਿਹਾ ਕਿ "ਇੱਥੋਂ ਹੀ ਪਰਮਾਨੈਂਟ ਰੈਜ਼ਡੈਂਸੀ ਪ੍ਰਾਪਤ ਕਰਨ ਲਈ ਵਾਧੂ ਅੰਕ ਲੈਣ ਦਾ ਦਬਾਅ ਆਉਂਦਾ ਹੈ। ਇਸ ਕਰਕੇ ਵਿਦੇਸ਼ੀ ਨਾਗਰਿਕ ਉਨ੍ਹਾਂ ਬੇਈਮਾਨ ਲੋਕਾਂ ਕੋਲ ਜਾਂਦੇ ਹਨ" ਜਿਹੜੇ LMIA ਵੇਚ ਰਹੇ ਹਨ।
LMIA ਪ੍ਰੋਗਰਾਮ 'ਆਪਣੇ ਮੂ਼ਲ ਵਿਚ ਸ਼ੋਸ਼ਣਕਾਰੀ'
ਕਈ ਮਾਹਰਾਂ ਨੇ CBC/IJF ਨੂੰ ਦੱਸਿਆ ਕਿ ਕੋਈ ਸੋਧ ਕੈਨੇਡਾ ਦੇ LMIA ਸਿਸਟਮ ਨਾਲ ਜੁੜੀ ਬੁਨਿਆਦੀ ਸਮੱਸਿਆ ਦਾ ਹੱਲ ਨਹੀਂ ਕਰੇਗੀ।
ਕਿਰਤ ਵਕੀਲ ਅਤੇ ਟੋਰੌਂਟੋ ਦੀ ਪਾਰਕਡੇਲ ਕਮਿਉਨਿਟੀ ਲੀਗਲ ਸਰਵਿਸੇਜ਼ ਦੇ ਅੰਤਰਿਮ ਕਲੀਨਿਕ ਡਾਇਰੈਕਟਰ, ਜੌਨ ਨੋਅ ਨੇ ਕਿਹਾ ਕਿ ਇਹ ਪ੍ਰੋਗਰਾਮ ਆਪਣੇ ਮੂਲ ਵਿਚ ਸ਼ੋਸ਼ਣਕਾਰੀ ਹੈ।
ਉਹਨਾਂ ਕਿਹਾ ਕਿ ਇਹ ਇੱਕ ਤਰੀਕੇ ਦੀ "ਬੰਧੂਆ ਗ਼ੁਲਾਮੀ" ਹੈ।
ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਟੋਮੋਯਾ ਓਬੋਕਾਟਾ, ਜਿਹਨਾਂ ਨੇ 2023 ਵਿਚ ਕੈਨੇਡਾ ਦਾ ਦੌਰਾ ਕੀਤਾ ਸੀ, ਨੇ ਅਗਸਤ ਵਿਚ ਆਪਣੀ ਰਿਪੋਰਟ ਵਿਚ ਕਿਹਾ ਸੀ ਕਿ ਕੈਨੇਡਾ ਦਾ ਟੈਂਪੋਰੈਰੀ ਫ਼ੌਰਨ ਵਰਕਰ ਪ੍ਰੋਗਰਾਮ, ਜਿਸ ਰਾਹੀਂ LMIAs ਜਾਰੀ ਹੁੰਦੀਆਂ ਹਨ, "ਆਧੁਨਿਕ ਗ਼ੁਲਾਮੀ ਦੇ ਪਣਪਣ ਦਾ ਟਿਕਾਣਾ ਹੈ"।
ਜੌਨ ਨੇ ਕਿਹਾ ਕਿ ਕਿਉਂਕਿ LMIA ਕਾਮੇ ਨੂੰ ਇੱਕ ਖ਼ਾਸ ਰੁਜ਼ਗਾਰਦਾਤਾ ਨਾਲ ਬੱਝਵਾਂ ਕਰਦੀ ਹੈ, ਇਸ ਕਰਕੇ ਵਿਦੇਸ਼ੀ ਕਾਮੀ 'ਫੱਸ' ਜਾਂਦੇ ਹਨ।
ਨਤੀਜੇ ਵਜੋਂ, ਉਜਰਤਾਂ ਨੂੰ ਦਬਾਇਆ ਜਾਂਦਾ ਹੈ ਅਤੇ ਕਾਮਿਆਂ ਨੂੰ ਕਿਸੇ ਹੋਰ ਰੁਜ਼ਗਾਰਦਾਤੇ ਕੋਲ ਜਾਣ ਦੀ ਕੋਈ ਆਜ਼ਾਦੀ ਨਹੀਂ ਹੁੰਦੀ।
ਜੌਨ ਨੇ ਕਿਹਾ, "ਇਹ … ਲੋਕਾਂ ਦੀਆਂ ਦੋ ਸ਼੍ਰੇਣੀਆਂ ਬਣਾ ਰਿਹਾ ਹੈ। [ਇੱਕ ਪਾਸੇ[ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਚੰਗੀਆਂ ਕੰਮਕਾਜੀ ਸਥਿਤੀਆਂ ਲਈ ਆਲੇ-ਦੁਆਲੇ ਭਾਲ ਕਰਨ ਦੀ ਆਜ਼ਾਦੀ ਹੈ ਅਤੇ [ਦੂਜੇ ਪਾਸੇ] ਅਜਿਹੇ ਲੋਕ ਹਨ ਜਿਨ੍ਹਾਂ ਨੂੰ ਇਜਾਜ਼ਤ ਨਹੀਂ ਹੈ"।
ਦੇਖੋ। ਵਿਦੇਸ਼ੀ ਕਾਮਿਆਂ ਨੂੰ ਨਿਸ਼ਾਨਾ ਬਣਾਉਂਦੇ ਵਿਗਿਆਪਨ: